ਭਾਰਤੀ ਮੌਸਮ ਵਿਭਾਗ (IMD) ਨੇ ਮੌਸਮ ਨੂੰ ਲੈ ਕੇ ਵੱਡਾ ਅਪਡੇਟ ਦਿੱਤਾ ਹੈ। ਆਈਐਮਡੀ ਨੇ ਕਿਹਾ ਕਿ ਅਗਲੇ ਚਾਰ ਤੋਂ ਪੰਜ ਦਿਨਾਂ ਤੱਕ ਉੱਤਰੀ ਭਾਰਤ ਵਿੱਚ ਮੌਸਮ ਸੁਹਾਵਣਾ ਰਹੇਗਾ। ਉੱਤਰ-ਪੱਛਮੀ ਅਤੇ ਉੱਤਰ-ਪੂਰਬੀ ਭਾਰਤ ਵਿੱਚ ਭਾਰੀ ਤੋਂ ਬਹੁਤ ਭਾਰੀ ਵਰਖਾ ਹੋ ਸਕਦੀ ਹੈ। ਪੰਜਾਬ ਵਿੱਚ ਮਾਨਸੂਨ ਆ ਗਿਆ ਹੈ। ਅਗਲੇ 4 ਦਿਨਾਂ ਤੱਕ ਪੰਜਾਬ ਵਿੱਚ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਗਈ ਹੈ। ਸੂਬੇ 'ਚ 4 ਜੁਲਾਈ ਤੱਕ ਮੀਂਹ ਪੈ ਸਕਦਾ ਹੈ।
ਇਸ ਸਾਲ ਸਿਰਫ਼ 25.6 ਮਿਲੀਮੀਟਰ ਹੀ ਪਿਆ ਮੀਂਹ
ਆਈਐਮਡੀ ਦੇ ਮੁਤਾਬਕ ਮਾਨਸੂਨ ਦੇ ਆਮ ਨਾਲੋਂ ਬਿਹਤਰ ਰਹਿਣ ਦੀ ਉਮੀਦ ਹੈ ਪਰ ਜੇਕਰ ਜੂਨ ਮਹੀਨੇ ਦੀ ਗੱਲ ਕਰੀਏ ਤਾਂ ਪੰਜਾਬ ਵਿੱਚ 1 ਤੋਂ 29 ਜੂਨ ਤੱਕ ਆਮ ਨਾਲੋਂ ਘੱਟ ਮੀਂਹ ਪਿਆ। ਆਮ ਤੌਰ 'ਤੇ ਪੰਜਾਬ 'ਚ ਇਨ੍ਹਾਂ 29 ਦਿਨਾਂ 'ਚ 49.7 ਮਿਲੀਮੀਟਰ ਬਾਰਿਸ਼ ਹੁੰਦੀ ਹੈ ਪਰ ਇਸ ਸਾਲ ਸਿਰਫ 25.6 ਮਿਲੀਮੀਟਰ ਬਾਰਿਸ਼ ਹੀ ਹੋਈ ਹੈ, ਜੋ ਕਿ ਆਮ ਨਾਲੋਂ 48 ਫੀਸਦੀ ਘੱਟ ਹੈ।
ਪੰਜਾਬ ਦੇ ਇਨ੍ਹਾਂ 9 ਜ਼ਿਲ੍ਹਿਆਂ ਵਿੱਚ ਆਰੇਂਜ ਅਲਰਟ
ਮੌਸਮ ਵਿਭਾਗ ਦੇ ਅਨੁਸਾਰ ਪੰਜਾਬ ਦੇ 9 ਜ਼ਿਲ੍ਹਿਆਂ ਮਾਨਸਾ, ਸੰਗਰੂਰ, ਫਤਿਹਗੜ੍ਹ ਸਾਹਿਬ, ਰੂਪਨਗਰ, ਪਟਿਆਲਾ, ਐਸਏਐਸ ਨਗਰ, ਮਲੇਰਕੋਟਲਾ, ਪਠਾਨਕੋਟ, ਹੁਸ਼ਿਆਰਪੁਰ ਅਤੇ ਨਵਾਂਸ਼ਹਿਰ ਵਿੱਚ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ, ਜਦੋਂ ਕਿ ਬਾਕੀ ਸਾਰੇ ਜ਼ਿਲ੍ਹਿਆਂ ਵਿੱਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਮੌਸਮ ਵਿਭਾਗ ਨੇ ਸੋਮਵਾਰ ਅਤੇ ਮੰਗਲਵਾਰ ਨੂੰ ਪੰਜਾਬ ਦੇ ਕੁਝ ਇਲਾਕਿਆਂ 'ਚ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਹੈ। ਅਜਿਹੇ 'ਚ ਲੋਕਾਂ ਨੂੰ ਬੇਹੱਦ ਸਾਵਧਾਨ ਰਹਿਣ ਲਈ ਕਿਹਾ ਗਿਆ ਹੈ।
ਇਹਨਾਂ ਰਾਜਾਂ ਵਿੱਚ ਤੂਫਾਨ
ਆਈਐਮਡੀ ਨੇ ਇਸ ਸਮੇਂ ਦੌਰਾਨ ਉੱਤਰਾਖੰਡ, ਹਿਮਾਚਲ ਪ੍ਰਦੇਸ਼, ਪੰਜਾਬ, ਹਰਿਆਣਾ, ਚੰਡੀਗੜ੍ਹ, ਉੱਤਰ ਪ੍ਰਦੇਸ਼, ਪੂਰਬੀ ਰਾਜਸਥਾਨ ਅਤੇ ਪੱਛਮੀ ਮੱਧ ਪ੍ਰਦੇਸ਼ ਵਿੱਚ ਵੱਖ-ਵੱਖ ਥਾਵਾਂ 'ਤੇ ਬਹੁਤ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਹੈ। ਉੱਤਰ-ਪੂਰਬ ਵਿੱਚ, ਆਸਾਮ ਦੇ ਉੱਤਰ-ਪੂਰਬੀ ਹਿੱਸੇ ਵਿੱਚ ਇੱਕ ਚੱਕਰਵਾਤੀ ਚੱਕਰ ਆਉਣ ਨਾਲ ਅਗਲੇ ਪੰਜ ਦਿਨਾਂ ਤੱਕ ਪੱਛਮੀ ਬੰਗਾਲ, ਸਿੱਕਮ, ਅਰੁਣਾਂਚਲ ਪ੍ਰਦੇਸ਼, ਅਸਾਮ, ਮੇਘਾਲਿਆ, ਨਾਗਾਲੈਂਡ, ਮਨੀਪੁਰ, ਮਿਜ਼ੋਰਮ ਅਤੇ ਤ੍ਰਿਪੁਰਾ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਵੇਗੀ।
ਅੱਜ ਇਨ੍ਹਾਂ 25 ਰਾਜਾਂ ਵਿੱਚ ਭਾਰੀ ਮੀਂਹ ਦਾ ਅਲਰਟ
ਆਈਐਮਡੀ ਦੇ ਅਨੁਸਾਰ, ਸੋਮਵਾਰ ਨੂੰ ਦੇਸ਼ ਭਰ ਵਿੱਚ ਹਲਕੀ ਤੋਂ ਭਾਰੀ ਬਾਰਿਸ਼ ਹੋਵੇਗੀ। ਦੇਸ਼ ਦੇ 25 ਰਾਜਾਂ ਵਿੱਚ ਅਗਲੇ 5 ਦਿਨਾਂ ਤੱਕ ਭਾਰੀ ਤੋਂ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ। ਇਸ ਵਿੱਚ ਰਾਜਸਥਾਨ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਉੱਤਰਾਖੰਡ, ਹਿਮਾਚਲ, ਪੰਜਾਬ, ਹਰਿਆਣਾ, ਗੁਜਰਾਤ, ਮਹਾਰਾਸ਼ਟਰ, ਦਿੱਲੀ, ਬਿਹਾਰ, ਝਾਰਖੰਡ, ਦੱਖਣੀ ਰਾਜ ਅਤੇ ਉੱਤਰ-ਪੂਰਬੀ ਰਾਜ ਸ਼ਾਮਲ ਹਨ।
ਹਿਮਾਚਲ 'ਚ ਮਾਨਸੂਨ ਹੋਇਆ ਕਮਜ਼ੋਰ
ਹਿਮਾਚਲ 'ਚ ਦਾਖਲ ਹੁੰਦੇ ਹੀ ਮਾਨਸੂਨ ਕਮਜ਼ੋਰ ਹੋ ਗਿਆ ਹੈ। ਸੂਬੇ 'ਚ ਭਾਰੀ ਮੀਂਹ ਲਈ ਵਾਰ-ਵਾਰ ਔਰੇਂਜ ਅਲਰਟ ਜਾਰੀ ਕੀਤੇ ਜਾਣ ਦੇ ਬਾਵਜੂਦ ਪਿਛਲੇ ਤਿੰਨ ਦਿਨਾਂ ਤੋਂ ਕੁਝ ਹੀ ਥਾਵਾਂ 'ਤੇ ਮੀਂਹ ਪਿਆ ਹੈ। ਪਿਛਲੇ ਇੱਕ ਹਫ਼ਤੇ ਦੌਰਾਨ ਆਮ ਨਾਲੋਂ 32 ਫ਼ੀਸਦੀ ਘੱਟ ਅਤੇ ਜੂਨ ਦੇ ਪੂਰੇ ਮਹੀਨੇ ਵਿੱਚ ਆਮ ਨਾਲੋਂ 49 ਫ਼ੀਸਦੀ ਘੱਟ ਮੀਂਹ ਪਿਆ ਹੈ।
58 ਲੱਖ ਰੁਪਏ ਦੀ ਜਾਇਦਾਦ ਦਾ ਨੁਕਸਾਨ
ਮਾਨਸੂਨ ਦੀ ਐਂਟਰੀ ਤੋਂ ਬਾਅਦ ਹੁਣ ਤੱਕ ਸੂਬੇ ਵਿੱਚ ਮੌਨਸੂਨ ਨੇ 58.83 ਲੱਖ ਰੁਪਏ ਦੀ ਸਰਕਾਰੀ ਅਤੇ ਨਿੱਜੀ ਜਾਇਦਾਦ ਦਾ ਨੁਕਸਾਨ ਕੀਤਾ ਹੈ। ਇਸ ਦੌਰਾਨ ਵੱਖ-ਵੱਖ ਕਾਰਨਾਂ ਕਰਕੇ 13 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 26 ਲੋਕ ਜ਼ਖਮੀ ਹਨ ਅਤੇ ਇਕ ਵਿਅਕਤੀ ਲਾਪਤਾ ਹੈ।
ਭੂਸ਼ੀ ਡੈਮ 'ਚ 5 ਲੋਕ ਡੁੱਬ ਗਏ
ਐਤਵਾਰ ਦੁਪਹਿਰ ਨੂੰ ਪੁਣੇ ਨੇੜੇ ਲੋਨਾਵਾਲਾ 'ਚ ਭੂਸ਼ੀ ਡੈਮ ਦੇ ਪਾਣੀ 'ਚ ਇਕ ਹੀ ਪਰਿਵਾਰ ਦੇ ਪੰਜ ਲੋਕ ਵਹਿ ਗਏ। ਇਨ੍ਹਾਂ ਵਿੱਚ ਇੱਕ ਔਰਤ, ਇੱਕ 13 ਸਾਲ ਦੀ ਲੜਕੀ, ਦੋ 6 ਸਾਲ ਦੀਆਂ ਲੜਕੀਆਂ ਅਤੇ ਇੱਕ 4 ਸਾਲ ਦਾ ਲੜਕਾ ਸ਼ਾਮਲ ਹੈ। ਇਨ੍ਹਾਂ ਵਿੱਚੋਂ ਇੱਕ ਔਰਤ ਅਤੇ ਦੋ ਬੱਚਿਆਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਹਨ।