ਰਾਜਸਥਾਨ ਦੇ ਧੌਲਪੁਰ 'ਚ ਇਕ ਯਾਤਰੀ ਬੱਸ ਅਤੇ ਟੈਂਪੂ ਵਿਚਾਲੇ ਜ਼ਬਰਦਸਤ ਟੱਕਰ ਹੋ ਗਈ। ਇਸ ਹਾਦਸੇ 'ਚ 8 ਬੱਚਿਆਂ ਸਮੇਤ 11 ਲੋਕਾਂ ਦੀ ਮੌਤ ਹੋ ਗਈ। ਇਹ ਹਾਦਸਾ ਸੁਨੀਪੁਰ ਨੇੜੇ ਨੈਸ਼ਨਲ ਹਾਈਵੇਅ 11 'ਤੇ ਵਾਪਰਿਆ। ਦੱਸਿਆ ਜਾ ਰਿਹਾ ਹੈ ਕਿ ਉਸ ਸਮੇਂ ਯਾਤਰੀ ਇਕ ਵਿਆਹ ਪ੍ਰੋਗਰਾਮ ਤੋਂ ਵਾਪਸ ਆ ਰਹੇ ਸਨ।
ਜਾਣਕਾਰੀ ਮੁਤਾਬਕ ਇਕ ਸਲੀਪਰ ਕੋਚ ਬੱਸ ਨੇ ਟੈਂਪੂ ਨੂੰ ਟੱਕਰ ਮਾਰ ਦਿੱਤੀ। ਮਰਨ ਵਾਲਿਆਂ 'ਚ 5 ਬੱਚੇ, 3 ਲੜਕੀਆਂ, 2 ਔਰਤਾਂ ਅਤੇ 1 ਪੁਰਸ਼ ਸ਼ਾਮਲ ਹੈ। ਲਾਸ਼ਾਂ ਨੂੰ ਸਰਕਾਰੀ ਹਸਪਤਾਲ ਪਹੁੰਚਾਇਆ ਗਿਆ ਹੈ। ਇਹ ਹਾਦਸਾ ਬਾਰੀ ਸਦਰ ਥਾਣਾ ਖੇਤਰ ਦੇ NH 11B 'ਤੇ ਸੁਨੀਪੁਰ ਪਿੰਡ ਨੇੜੇ ਵਾਪਰਿਆ।
ਟੈਂਪੂ 'ਚ ਸਵਾਰ ਯਾਤਰੀ ਬਾਰੀ ਸ਼ਹਿਰ ਦੇ ਗੁੰਮਟ ਮੁਹੱਲੇ ਦੇ ਰਹਿਣ ਵਾਲੇ ਦੱਸੇ ਜਾਂਦੇ ਹਨ, ਜੋ ਪਿੰਡ ਬਰੌਲੀ 'ਚ ਕਿਸੇ ਪ੍ਰੋਗਰਾਮ 'ਚ ਸ਼ਾਮਲ ਹੋ ਕੇ ਘਰ ਪਰਤ ਰਹੇ ਸਨ।
ਬੱਸ ਦਾ ਡਰਾਈਵਰ ਅਤੇ ਕੰਡਕਟਰ ਵੀ ਜ਼ਖ਼ਮੀ
ਹਾਦਸਾ 11 ਵਜੇ ਦੇ ਕਰੀਬ ਵਾਪਰਿਆ ਦੱਸਿਆ ਜਾ ਰਿਹਾ ਹੈ। ਪੁਲਸ ਨੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਐਤਵਾਰ ਨੂੰ ਸਾਰੀਆਂ ਲਾਸ਼ਾਂ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ। ਇਸ ਦੇ ਨਾਲ ਹੀ ਕੁਝ ਗੰਭੀਰ ਜ਼ਖਮੀ ਲੋਕਾਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਹਾਦਸੇ ਵਿੱਚ ਸਲੀਪਰ ਕੋਚ ਬੱਸ ਦਾ ਡਰਾਈਵਰ ਅਤੇ ਕੰਡਕਟਰ ਵੀ ਜ਼ਖ਼ਮੀ ਹੋ ਗਏ। ਇਸ ਹਾਦਸੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਇਕ ਤੇਜ਼ ਰਫਤਾਰ ਬੱਸ ਨੇ ਟੈਂਪੂ ਨੂੰ ਟੱਕਰ ਮਾਰ ਦਿੱਤੀ, ਜਿਸ ਦੀ ਸੂਚਨਾ ਉੱਥੋਂ ਲੰਘ ਰਹੇ ਲੋਕਾਂ ਨੇ ਪੁਲਸ ਨੂੰ ਦਿੱਤੀ। ਹਾਲਾਂਕਿ ਅਜੇ ਤੱਕ ਹਾਦਸੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਪਰ ਜਾਂਚ ਸ਼ੁਰੂ ਕਰ ਦਿੱਤੀ ਹੈ। ਹਾਦਸੇ ਦੀ ਖ਼ਬਰ ਸੁਣਦਿਆਂ ਹੀ ਕਈ ਅਧਿਕਾਰੀਆਂ ਨੇ ਸਥਿਤੀ ਦਾ ਜਾਇਜ਼ਾ ਲਿਆ।