ਪੰਜਾਬ 'ਚ ਸਰਪੰਚ ਦੇ ਅਹੁਦੇ ਲਈ ਬੋਲੀ ਦੇ ਮਾਮਲੇ 'ਚ ਅੱਜ (3 ਅਕਤੂਬਰ) ਪੰਜਾਬ ਤੇ ਹਰਿਆਣਾ ਹਾਈ ਕੋਰਟ 'ਚ ਸੁਣਵਾਈ ਹੈ। ਦਰਅਸਲ, ਗੁਰਦਾਸਪੁਰ ਦੇ ਪਿੰਡ ਹਰਦੋਵਾਲ ਕਲਾਂ ਵਿੱਚ ਸਰਪੰਚ ਦੇ ਅਹੁਦੇ ਲਈ 2 ਕਰੋੜ ਰੁਪਏ ਦੀ ਬੋਲੀ ਲੱਗੀ ਸੀ। ਜਿਸ ਨੂੰ ਲੈ ਕੇ ਹਾਈਕੋਰਟ 'ਚ ਪਟੀਸ਼ਨ ਦਾਇਰ ਕੀਤੀ ਗਈ ਸੀ। ਪਟੀਸ਼ਨ ਵਿੱਚ ਕਿਹਾ ਗਿਆ ਸੀ ਕਿ ਪੰਜਾਬ ਰਾਜ ਚੋਣ ਐਕਟ ਦੀ ਉਲੰਘਣਾ ਕੀਤੀ ਗਈ ਹੈ।
ਇਹ ਪਟੀਸ਼ਨ ਐਡਵੋਕੇਟ ਸਤਿੰਦਰ ਕੌਰ ਵੱਲੋਂ ਅਦਾਲਤ 'ਚ ਦਾਇਰ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਸਰਪੰਚ ਦੇ ਅਹੁਦੇ ਲਈ ਚੋਣਾਂ 15 ਅਕਤੂਬਰ ਨੂੰ ਹੋਣੀਆਂ ਹਨ। ਕਈ ਥਾਈਂ ਸਰਪੰਚ ਦੇ ਅਹੁਦੇ ਲਈ ਬੋਲੀ ਲਗਾਈ ਜਾ ਰਹੀ ਹੈ।
ਬੋਲੀ ਲਗਾਉਣਾ ਗੈਰ-ਸੰਵਿਧਾਨਕ ਹੈ
ਦੱਸ ਦੇਈਏ ਕਿ ਗੁਰਦਾਸਪੁਰ ਦੇ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਅਧੀਨ ਪੈਂਦੇ ਪਿੰਡ ਹਰਦੋਵਾਲ ਕਲਾਂ ਵਿੱਚ ਸਰਪੰਚ ਦੇ ਅਹੁਦੇ ਲਈ 2 ਕਰੋੜ ਰੁਪਏ ਦੀ ਬੋਲੀ ਲਗਾਈ ਗਈ ਸੀ। ਇਹ ਬੋਲੀ ਭਾਜਪਾ ਆਗੂ ਆਤਮਾ ਸਿੰਘ ਨੇ ਕੀਤੀ ਸੀ। ਪਿੰਡ ਵਾਸੀ ਬੋਲੀ ਲਈ ਰਾਜ਼ੀ ਹੋ ਗਏ ਸਨ।
ਐਡਵੋਕੇਟ ਨੇ ਕਿਹਾ ਕਿ ਸਰਪੰਚ ਦਾ ਅਹੁਦਾ ਵੇਚਣਾ ਸੰਵਿਧਾਨ ਦੇ ਖਿਲਾਫ ਹੈ। ਚੋਣਾਂ 'ਚ ਬੋਲੀ ਲਗਾ ਕੇ ਚੋਣ ਜ਼ਾਬਤੇ ਤੇ ਪੰਜਾਬ ਰਾਜ ਚੋਣ ਐਕਟ ਦੀ ਉਲੰਘਣਾ ਕੀਤੀ ਗਈ ਹੈ। ਇਸ ਸਬੰਧੀ ਅਦਾਲਤ ਨੂੰ ਹਦਾਇਤਾਂ ਜਾਰੀ ਕਰਨ ਦੀ ਮੰਗ ਕੀਤੀ ਗਈ ਹੈ।
ਹਾਲਾਂਕਿ ਉਸ ਸਮੇਂ ਪਿੰਡ ਦੇ ਨੌਜਵਾਨ ਸਭਾ ਨੇ ਦਾਅਵਾ ਕੀਤਾ ਸੀ ਕਿ ਬੋਲੀ ਤੋਂ ਆਉਣ ਵਾਲਾ ਪੈਸਾ ਪਿੰਡ ਦੇ ਵਿਕਾਸ 'ਤੇ ਖਰਚ ਕੀਤਾ ਜਾਵੇਗਾ। ਜਦੋਂ ਕਿ ਪੰਚਾਇਤ ਨੂੰ ਦਿੱਤੀ ਜਾਣ ਵਾਲੀ ਗਰਾਂਟ ਵੱਖਰੀ ਹੋਵੇਗੀ। ਪਿੰਡ 'ਚ ਸਰਪੰਚ ਦੇ ਅਹੁਦੇ ਦੀ ਬੋਲੀ ਸਬੰਧੀ ਗੁਰਦੁਆਰਾ ਸਾਹਿਬ ਤੋਂ ਐਲਾਨ ਕੀਤਾ ਗਿਆ। ਇਸ ਤੋਂ ਬਾਅਦ ਇਹ ਪ੍ਰਕਿਰਿਆ ਸ਼ੁਰੂ ਹੋਈ |
ਬੋਲੀ ਦਾ ਕਾਫੀ ਹੋਇਆ ਵਿਰੋਧ
ਜਾਣਕਾਰੀ ਅਨੁਸਾਰ ਆਮ ਆਦਮੀ ਪਾਰਟੀ, ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਦਾ ਕੋਈ ਵੀ ਨੁਮਾਇੰਦਾ ਬੋਲੀ ਦੇਣ ਲਈ ਅੱਗੇ ਨਹੀਂ ਆਇਆ ਤਾਂ ਭਾਜਪਾ ਆਗੂ ਆਤਮਾ ਰਾਮ ਨੇ 50 ਲੱਖ ਰੁਪਏ ਦੀ ਬੋਲੀ ਲਗਾਈ। ਉਸ ਦੇ ਮੁਕਾਬਲੇ ਜਸਵਿੰਦਰ ਸਿੰਘ ਨੇ 1 ਕਰੋੜ ਰੁਪਏ ਦੀ ਬੋਲੀ ਲਗਾਈ ਸੀ। ਇਸ ਤੋਂ ਬਾਅਦ ਆਤਮਾ ਸਿੰਘ ਨੇ 2 ਕਰੋੜ ਰੁਪਏ ਦੀ ਬੋਲੀ ਲਗਾਈ। ਇਹ ਮਾਮਲਾ ਸਾਹਮਣੇ ਆਉਂਦੇ ਹੀ ਇਸ ਦਾ ਵਿਰੋਧ ਸ਼ੁਰੂ ਹੋ ਗਿਆ ਸੀ ।
ਹਰਦੋਵਾਲ ਗੁਰਦਾਸਪੁਰ ਦੀ ਸਭ ਤੋਂ ਵੱਡੀ ਪੰਚਾਇਤ
ਹਰਦੋਵਾਲ ਗੁਰਦਾਸਪੁਰ ਦੀ ਸਭ ਤੋਂ ਵੱਡੀ ਪੰਚਾਇਤ ਹੈ। ਪੰਚਾਇਤ ਕੋਲ 300 ਏਕੜ ਜ਼ਮੀਨ ਹੈ। ਜਦੋਂ ਤੋਂ ਪਿੰਡ ਦੀ ਪੰਚਾਇਤ ਭੰਗ ਹੋਈ ਹੈ, ਉਦੋਂ ਤੋਂ ਹੀ ਪਿੰਡ ਦੀ ਨੌਜਵਾਨ ਸਭਾ (21 ਮੈਂਬਰੀ ਕਮੇਟੀ) ਸਾਰਾ ਪ੍ਰਬੰਧ ਦੇਖ ਰਹੀ ਹੈ। ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਸੀ ਕਿ ਇਸ ਵਾਰ ਸਰਪੰਚ ਦੇ ਅਹੁਦੇ ਲਈ ਸਭ ਤੋਂ ਵੱਧ ਰਾਸ਼ੀ ਦੇਣ ਵਾਲੇ ਵਿਅਕਤੀ ਨੂੰ ਸਰਬਸੰਮਤੀ ਨਾਲ ਪਿੰਡ ਦਾ ਸਰਪੰਚ ਚੁਣਿਆ ਜਾਵੇਗਾ।
ਜੋ ਪੈਸਾ ਆਵੇਗਾ ਉਹ ਸਭਾ ਵੱਲੋਂ ਪਿੰਡ ਦੇ ਵਿਕਾਸ ਕਾਰਜਾਂ 'ਤੇ ਖਰਚ ਕੀਤਾ ਜਾਵੇਗਾ। ਜਦੋਂ ਕਿ ਪਿੰਡ ਦੇ ਵਿਕਾਸ ਲਈ ਸਰਕਾਰ ਤੋਂ ਮਿਲਣ ਵਾਲੀ ਰਾਸ਼ੀ ਵੱਖਰੀ ਹੋਵੇਗੀ। ਇਸ 'ਤੇ ਸਾਰਿਆਂ ਨੇ ਸਹਿਮਤੀ ਜਤਾਈ ਹੈ।