ਦੇਸ਼ ਦੀ ਰਾਜਧਾਨੀ ਦਿੱਲੀ ਦੇ ਪਟੇਲ ਨਗਰ ਮੈਟਰੋ ਸਟੇਸ਼ਨ ਨੇੜੇ ਮੀਂਹ ਦੌਰਾਨ ਕਰੰਟ ਲੱਗਣ ਕਾਰਨ ਇੱਕ UPSC ਵਿਦਿਆਰਥੀ ਦੀ ਮੌਤ ਹੋ ਗਈ। ਇਹ ਘਟਨਾ ਸੋਮਵਾਰ ਦੁਪਹਿਰ ਨੂੰ ਵਾਪਰੀ। ਉਕਤ ਨੌਜਵਾਨ ਸਿਵਲ ਸੇਵਾਵਾਂ ਦੇ ਪੇਪਰ ਦੀ ਤਿਆਰੀ ਕਰ ਰਿਹਾ ਸੀ।
ਲੋਹੇ ਦੇ ਗੇਟ ਨੂੰ ਫੜਿਆ ਤਾਂ ਕਰੰਟ ਲੱਗ ਗਿਆ
ਮ੍ਰਿਤਕ ਦੀ ਪਛਾਣ 26 ਸਾਲਾ ਨੀਲੇਸ਼ ਰਾਏ ਵਜੋਂ ਹੋਈ ਹੈ। ਨੀਲੇਸ਼ ਰਾਏ ਸਾਊਥ ਪਟੇਲ ਨਗਰ ਦੇ ਬਲਾਕ 8 'ਚ ਸਥਿਤ ਫਲੈਟ 'ਚ ਕਿਰਾਏ 'ਤੇ ਰਹਿੰਦਾ ਸੀ। ਪੁਲਸ ਅਧਿਕਾਰੀ ਨੇ ਦੱਸਿਆ ਕਿ ਦੇਵਰੀਆ ਜ਼ਿਲੇ ਦਾ ਰਹਿਣ ਵਾਲਾ ਨੀਲੇਸ਼ ਸੋਮਵਾਰ ਨੂੰ ਨੇੜੇ ਦੀ ਲਾਇਬ੍ਰੇਰੀ 'ਚ ਪੜ੍ਹਾਈ ਕਰਨ ਗਿਆ ਸੀ। ਇਸ ਦੌਰਾਨ ਮੀਂਹ ਪੈਣਾ ਸ਼ੁਰੂ ਹੋ ਗਿਆ। ਕਾਲੋਨੀ ਵਾਲੀ ਗਲੀ 'ਚ ਸੁਰੱਖਿਆ ਲਈ ਲਗਾਏ ਗਏ ਲੋਹੇ ਦੇ ਗੇਟ ਨੂੰ ਫੜ ਕੇ ਜਦੋਂ ਨੀਲੇਸ਼ ਅੱਗੇ ਵਧਣ ਲੱਗਾ ਤਾਂ ਉਸ ਨੂੰ ਕਰੰਟ ਲੱਗ ਗਿਆ।
ਸੜਕ ਪਾਣੀ ਨਾਲ ਭਰ ਗਈ ਸੀ
ਪੁਲਸ ਨੇ ਦੱਸਿਆ ਕਿ ਸੋਮਵਾਰ ਦੁਪਹਿਰ ਕਰੀਬ 2.43 ਵਜੇ ਪੁਲਸ ਥਾਣਾ ਰਣਜੀਤ ਨਗਰ ਤੋਂ ਸਾਨੂੰ ਸੂਚਨਾ ਮਿਲੀ ਕਿ ਪਾਵਰ ਜਿਮ, ਪਟੇਲ ਨਗਰ ਮੈਟਰੋ ਸਟੇਸ਼ਨ ਨੇੜੇ ਇੱਕ ਨੌਜਵਾਨ ਲੋਹੇ ਦੇ ਗੇਟ ਨਾਲ ਬਿਜਲੀ ਦੇ ਕਰੰਟ ਦੀ ਲਪੇਟ ਵਿਚ ਆ ਗਿਆ ਹੈ।
ਪੁਲਸ ਨੇ ਮਾਮਲਾ ਦਰਜ ਕਰ ਲਿਆ
ਪੀੜਤ ਨੂੰ ਆਰਐਮਐਲ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਥਾਣਾ ਰਣਜੀਤ ਨਗਰ ਵਿਖੇ ਧਾਰਾ 106 (1), 285 ਬੀਐਨਐਸ ਤਹਿਤ ਕੇਸ ਦਰਜ ਕੀਤਾ ਗਿਆ ਹੈ। ਪੁਲਸ ਨੇ ਦੱਸਿਆ ਕਿ ਫੋਰੈਂਸਿਕ ਟੀਮ ਨੇ ਮੌਕੇ ਦਾ ਦੌਰਾ ਕੀਤਾ ਹੈ ਅਤੇ ਜਾਂਚ ਜਾਰੀ ਹੈ।